Monday, 14 August 2017

ਗੁੱਤਾਂ ਕੱਟਣ ਦੀਆਂ ਘਟਨਾਵਾਂ ਆਰਥਿਕ ਤੇ ਸਮਾਜਿਕ ਵਿਤਕਰੇ ਅਤੇ ਮਨੋਵਿਗਿਆਨਕ ਵਿਕਾਰਾਂ 'ਚੋਂ ਹੀ ਉਪਜਦੀਆਂ ਹਨ: ਸੁਮਨ



'ਤੀਆਂ ਮਨਾਓ, ਧੀਆਂ ਬਚਾਓ', 'ਵੱਡਿਆਂ ਦਾ ਸਤਿਕਾਰ ਕਰੋ-ਵਾਤਾਵਰਨ ਨਾਲ ਪਿਆਰ ਕਰੋ' ਦੇ ਸੰਦੇਸ਼ ਤਹਿਤ ਪਿੰਡ ਦੁਸਾਂਝ ਖੁਰਦ ਵਿਖੇ ਗ੍ਰਾਮ ਪੰਚਾਇਤ ਵਲੋਂ ਸਮੂਹ ਪਿੰਡ ਨਿਵਾਸੀਆਂ ਦੇ ਸਹਿਯੋਗ ਨਾਲ ਦੂਸਰਾ ਤੀਆਂ ਦਾ ਤਿਓਹਾਰ ਪੀਰ ਬਾਬਾ ਗੁਜਰ ਸ਼ਾਹ ਦੇ ਅਸਥਾਨ ਵਿਖੇ ਪੂਰੇ ਚਾਅ ਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਰਵਾਇਤੀ ਤਰੀਕਿਆਂ ਨਾਲ ਤੀਆਂ ਦੇ ਵਿਹੜੇ ਨੂੰ ਸਜਾਇਆ ਗਿਆ, ਜਿਸ ਵਿੱਚ ਚਰਖੇ, ਮੰਜੇ, ਪੱਖੀਆਂ, ਘੜੀਆਂ, ਪੀਂਘਾਂ ਆਦਿ ਖਿੱਚ ਦਾ ਕੇਂਦਰ ਸਨ। ਮੁਟਿਆਰਾਂ ਅਤੇ ਔਰਤਾਂ ਨੇ ਜਿੱਥੇ ਰਵਾਇਤੀ ਰੰਗ ਵਿੱਚ ਪੀਘਾਂ ਝੂਟੀਆਂ ਅਤੇ ਬੋਲੀਆਂ ਪਾਈਆਂ ਉੱਥੇ ਹੀ ਡੀ.ਜੇ. 'ਤੇ ਪੈ ਰਹੀਆਂ ਬੋਲੀਆਂ 'ਤੇ ਵੀ ਪੂਰੇ ਜੋਸ਼ ਨਾਲ ਗਿੱਧਾ ਪਾਇਆ।
ਇਸ ਸਮੇਂ ਮੁੱਖ ਮਹਿਮਾਨ ਵਜੋਂ ਪਹੁੰਚੇ ਦਰਪਣ ਮੈਗਜ਼ੀਨ ਦੇ ਸੰਪਾਦਕ ਸੁਮਨ ਸ਼ਾਮਪੁਰੀ ਨੇ ਕਿਹਾ ਕਿ ਅਜਿਹੇ ਵਿਰਾਸਤੀ ਮੇਲੇ ਆਪਸੀ ਪਿਆਰ, ਸਤਿਕਾਰ ਤੇ ਸਾਂਝ ਦੀਆਂ ਤੰਦਾਂ ਨੂੰ ਹੋਰ ਮਜ਼ਬੂਤ ਕਰਦੇ ਹਨ। ਪੰਜਾਬੀ ਬੋਲੀਆਂ ਵਿੱਚ ਹਰ ਰਿਸ਼ਤੇ ਦਾ ਜ਼ਿਕਰ ਬੜੇ ਹੀ ਮਾਣ ਨਾਲ ਆਉਂਦਾ ਹੈ ਇਸ ਕਰਕੇ ਅਜੋਕੀ ਦੌੜ-ਭੱਜ ਦੀ ਜ਼ਿੰਦਗੀ ਵਿੱਚ ਅਲੋਪ ਹੋ ਰਹੇ ਰਿਸ਼ਤਿਆਂ ਨੂੰ ਹੋਰ ਪੱੱਕਿਆਂ ਕਰਨ ਦੀ ਜ਼ਰੂਰਤ ਹੈ। ਉਨ੍ਹਾਂ ਮੁਟਿਆਰਾਂ ਅਤੇ ਔਰਤਾਂ ਦੇ ਜੁੜ ਬੈਠਣ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ। ਇਸ ਤੋਂ ਇਲਾਵਾ ਉਨ੍ਹਾ ਨੇ ਪੰਜਾਬ ਸੂਬੇ ਅੰਦਰ ਗੁੱਤਾਂ ਕੱਟਣ ਦੀਆਂ ਵੱਧ ਰਹੀਆਂ ਘਟਨਾਵਾਂ ਦਾ ਨੋਟਿਸ ਲੈਂਦਿਆਂ ਕਿਹਾ ਕਿ ਪ੍ਰਸਾਸ਼ਨ ਇਨ੍ਹਾਂ ਘਟਨਾਵਾਂ ਨੂੰ ਰੋਕਣ ਵਿੱਚ ਅਸਫ਼ਲ ਹੋਇਆ ਹੈ ਤੇ ਮੀਡੀਆ ਵੀ ਆਪਣੀ ਪਹਿਚਾਣ ਵਧਾਉਣ ਲਈ ਅਜੇਹੀਆਂ ਖ਼ਬਰਾਂ ਨੂੰ ਵੱਧ ਸਪੇਸ ਦੇ ਰਿਹਾ ਹੈ ਜਦਕਿ ਇਸ ਸੰਬੰਧੀ ਭੂਤ-ਪ੍ਰੇਤ ਜਾਂ ਕਿਸੇ ਗੈਬੀ ਸ਼ਕਤੀ ਨੂੰ ਹੀ ਜ਼ਿੰਮੇਵਾਰ ਦੱਸਿਆ ਜਾ ਰਿਹਾ ਹੈ ਜੋ ਕਿ ਗਲਤ ਹੈ। ਉਨ੍ਹਾ ਕਿਹਾ ਕਿ ਅਜਿਹੀਆਂ ਘਟਨਾਵਾਂ ਨੂੰ ਵਿਗਿਆਨਕ ਅਤੇ ਤਰਕ ਸੰਗਤ ਸੋਚ ਨਾਲ ਹੀ ਰੋਕਿਆ ਜਾ ਸਕਦਾ ਹੈ ਕਿਉਂਕਿ ਅਜਿਹੀਆਂ ਘਟਨਾਵਾਂ ਸਿਰਫ਼ ਆਰਥਿਕ ਤੇ ਸਮਾਜਿਕ ਵਿਤਕਰੇ ਅਤੇ ਮਨੋਵਿਗਿਆਨਕ ਵਿਕਾਰਾਂ 'ਚੋਂ ਹੀ ਉਪਜਦੀਆਂ ਹਨ, ਜਿਨ੍ਹਾਂ ਦਾ ਇਲਾਜ ਸਿਰਫ਼ ਤੇ ਸਿਰਫ਼ ਮਨੋਰੋਗਾਂ ਦੇ ਸਪੈਸ਼ਲਿਸਟ ਡਾਕਟਰਾਂ ਕੋਲ ਹੀ ਸੰਭਵ ਹੈ। ਉਨ੍ਹਾ ਲੋਕਾਂ ਨੂੰ ਅਜਿਹੀਆਂ ਘਟਨਾਵਾਂ ਤੋਂ ਸੁਚੇਤ ਤੇ ਜਾਗਰੂਕ ਹੋਣ ਦੀ ਅਪੀਲ ਕੀਤੀ। ਪਿੰਡ ਦੀ ਪੰਚਾਇਤ ਵਲੋਂ ਸੁਮਨ ਸ਼ਾਮਪੁਰੀ ਅਤੇ ਵਿਸ਼ੇਸ਼ ਮਹਿਮਾਨ ਵਜੋਂ ਹਾਜ਼ਰ ਮਾ. ਸ਼ਿਵ ਕੁਮਾਰ ਬਿਲਗਾ, ਸੰਜੀਵ ਸਮਰਾ, ਮਾ. ਗੁਰਮੀਤ ਸਿੰਘ ਨੂੰ ਵੀ ਸਨਮਾਨਿਤ ਕੀਤਾ ਗਿਆ।

ਇਸ ਮੌਕੇ 'ਤੇ ਸਰਪੰਚ ਹਰਜਿੰਦਰ ਕੁਮਾਰ, ਵਿਜੇ ਕੁਮਾਰ, ਸਾਈਂ ਜੁਗਿੰਦਰਪਾਲ ਨੰਬਰਦਾਰ, ਮਨਮੋਹਣ ਸਿੰਘ ਪੰਚ, ਚਰਨਜੀਤ ਸਿੰਘ ਪੰਚ, ਬਲਬੀਰ ਰਾਮ, ਸੁਭਾਸ਼ ਸਿੰਘ, ਬੀਬੀ ਹੰਸੋ ਰਾਣੀ, ਮੀਨੂੰ, ਸੁਖਵਿੰਦਰ ਕੌਰ ਪੰਚ, ਮੀਨਾ ਕੁਮਾਰੀ, ਮੀਤੋ, ਜਗੀਰੋ, ਸੁਖਵਿੰਦਰ ਮੁਣਸ਼ੀ, ਜਸਵੀਰ ਕੌਰ ਤੇ ਹੋਰ ਪਤਵੰਤੇ ਹਾਜ਼ਰ ਸਨ। ਇਸ ਮੌਕੇ ਲੰਗਰ ਦਾ ਵੀ ਵਿਸ਼ੇਸ਼ ਪ੍ਰਬੰਧ ਕੀਤਾ ਗਿਆ।